ਨਵੀਂ ਦਿੱਲੀ-ਅਕਾਲੀ ਦਲ "ਵਾਰਿਸ ਪੰਜਾਬ ਦੇ" ਦੀ ਪੰਜ ਮੈਬਰੀ ਕਮੇਟੀ ਦੇ ਕਾਰਜਕਾਰੀ ਮੈਂਬਰ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਵੱਡੇ ਭਰਾਤਾ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਡਿਬਰੂਗੜ੍ਹ ਜੇਲ ਤੋਂ ਲਿਆਂਦੇ ਗਏ ਸੱਤ ਸਿੰਘਾਂ ਦੀ ਅਜਨਾਲਾ ਕੋਰਟ ਵਿੱਚ ਪੇਸ਼ੀ ਦੌਰਾਨ ਪੰਜਾਬ ਪੁਲਿਸ ਵੱਲੋਂ ਉਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਹੈ। ਭਾਈ ਗੱਦਲੀ ਨੇ ਕਿਹਾ ਕਿ ਇਹ ਸੱਚਾਈ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਜਾਇਜ ਤੌਰ 'ਤੇ ਹਿਰਾਸਤ 'ਚ ਰੱਖਣ ਲਈ ਉਨ੍ਹਾਂ ਉੱਤੇ ਐਨਐਸਏ ਲਗਾਇਆ ਗਿਆ ਸੀ। ਹੁਣ ਜਦੋਂ ਉਹਨਾਂ ਦੀ ਐਨਐਸਏ ਹਿਰਾਸਤ ਦੀ ਮਿਆਦ ਮੁੱਕ ਚੁੱਕੀ ਹੈ, ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਅਜਨਾਲਾ ਥਾਣੇ ਵਿੱਚ ਦਰਜ ਪੁਰਾਣੇ ਪਰਚੇ ਵਿੱਚ ਗ੍ਰਿਫਤਾਰ ਕਰ ਲਿਆ ਹੈ, ਜਿਸ ਵਿੱਚ ਪਹਿਲਾਂ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਸੀ। ਉਹਨਾਂ ਕਿਹਾ ਕਿ ਜੇਕਰ ਇਹ ਮਾਮਲਾ ਇੰਨਾ ਗੰਭੀਰ ਸੀ, ਤਾਂ ਇਹਨਾਂ ਸਿੰਘਾਂ ਉੱਪਰ ਪਹਿਲਾਂ ਹੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਇਸ ਤੋਂ ਸਿੱਧਾ-ਸਿੱਧਾ ਇਹ ਸਾਬਤ ਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਬਰਦਸਤੀ ਨਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਉਹਨਾਂ ਕਿਹਾ ਕਿ ਅਜਨਾਲਾ ਕੋਰਟ ਕੰਪਲੈਕਸ, ਜਿੱਥੇ ਇਹ ਸੱਤ ਸਿੰਘ ਪੇਸ਼ ਕੀਤੇ ਗਏ, ਉਸਨੂੰ ਪੁਲਿਸ ਨੇ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ । ਇਹ ਸਰਾਸਰ ਪੰਥਕ ਲਹਿਰ ਨੂੰ ਕੁਚਲਣ ਦੀ ਨੀਤੀ ਹੈ, ਜਿਸ ਨੂੰ ਅਸੀਂ ਕਦੇ ਵੀ ਸਵੀਕਾਰ ਨਹੀਂ ਕਰਾਂਗੇ। ਭਾਈ ਗੱਦਲੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਇਹਨਾਂ ਸਿੰਘਾਂ ਦੀ ਰਿਹਾਈ 'ਚ ਸਿਰਫ਼ ਰੁਕਾਵਟਾਂ ਹੀ ਪੈਦਾ ਨਹੀਂ ਨਹੀਂ ਕਰ ਰਹੀ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਨਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਸਰਾਸਰ ਅਣਮਨੁੱਖੀ ਅਤੇ ਇਤਰਾਜਯੋਗ ਵਤੀਰਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਕਹਿਣਾਂ ਚਹੁੰਦੇ ਹਾਂ ਕਿ ਇਹਨਾਂ ਬੰਦੀ ਸਿੰਘਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਉਹਨਾਂ ਨੂੰ ਮਿਲਣ ਦੀ ਖੁੱਲ ਦਿੱਤੀ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਭਾਈ ਗੱਦਲੀ ਨੇ ਕਿਹਾ ਕਿ ਸਾਡੀ ਪਾਰਟੀ ਅਕਾਲੀ ਦਲ "ਵਾਰਿਸ ਪੰਜਾਬ ਦੇ" ਦਾ ਇਕ ਇਕ ਵਰਕਰ ਸਾਰੇ ਬੰਦੀ ਸਿੰਘਾਂ ਦੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਦੋਂ ਤੱਕ ਮੋਢੇ ਨਾਲ ਮੋਢਾ ਲਾਕੇ ਖੜਾ ਹੈ ਜਦੋਂ ਤੱਕ ਉਹਨਾਂ ਦੀਆ ਪੱਕੀਆਂ ਰਿਹਾਈਆਂ ਨਹੀਂ ਹੋ ਜਾਂਦੀਆਂ ਹਨ।